Wednesday 17 May 2017

ਭਾਈ ਕਰਤਾਰ ਸਿੰਘ ਝੱਬਰ


            ਝੱਬਰ ਪਿੰਡ ਦਾ ਗੱਭਰੂ ਕਰਤਾਰ ਸਿੰਘ ਚੋਰੀਆਂ ਡਕੈਤੀਆਂ ਕਾਰਨ ਮਸ਼ਹੂਰ ਹੋ ਗਿਆ ਸੀ ਜਿਸਦੇ ਗਰੋਹ ਵਿਚ ਅੱਧੀ ਦਰਜਣ ਜੁਆਨ ਸਨ | ਹਨੇਰੀ ਰਾਤ ਗਈ ਘੋੜੀਆਂ, ਮੱਝਾੰ, ਬਲਦ ਚੋਰੀ ਕਰਦੇ, ਕਿਤੇ ਦੂਰ ਦੁਰਾਡੇ ਵੇਚ ਆਉਂਦੇ | ਗਰੋਹ ਘਰੋਂ ਨਿਕਲਿਆ, ਅਜੇ ਚੰਦ ਛੁਪਿਆ ਨਹੀਂ ਸੀ | ਪਿੰਡ ਕੋਈ ਸਿੰਘ ਸਭੀਆ ਬਾਬਾ ਸ਼ਾਮ ਦੇ ਦੀਵਾਨ ਵਿਚ ਗੁਰੂ-ਜਸ ਸੁਣਾ ਰਿਹਾ ਸੀ | ਕਰਤਾਰ ਸਿੰਘ ਝੱਬਰ ਨੇ ਸਾਥੀਆਂ ਨੂੰ ਕਿਹਾ - ਚੰਨ ਡੁੱਬਣ ਤੱਕ ਕਥਾ ਸੁਣਦੇ ਹਾਂ, ਫਿਰ ਮਿਸ਼ਨ ਤੇ ਨਿਕਲਾਂਗੇ | ਮੱਥਾ ਟੇਕ ਕੇ ਦੀਵਾਨ ਵਿਚ ਬੈਠ ਗਏ |

ਘੰਟੇ ਬਾਅਦ ਚੰਦ ਛਿਪ ਗਿਆ | ਸਾਥੀਆਂ ਨੇ ਉਠਾਇਆ, ਕਿਹਾ-ਚੱਲੀਏ ?
ਉਸਨੇ ਕਿਹਾ- ਆਪਾਂ ਨੂੰ ਇਹ ਕੰਮ ਸੋਭਦਾ ਨੀਂ | ਆਪਣਾ ਗੁਰੂ ਬਾਬਾ ਇਸਨੂੰ ਪਸੰਦ ਨੀਂ ਕਰਦਾ | ਸਾਥੀ ਮਖੌਲ ਕਰਨ ਲੱਗੇ ਤਾਂ ਕਿਹਾ- ਤੁਸੀਂ ਜੋ ਕਰਨੈ ਕਰੋ ਭਾਈਉ, ਮੈਂ ਨੀ ਜਾਣਾ ਤੁਹਾਡੇ ਨਾਲ | ਬਾਕੀ ਚਲੇ ਗਏ ਤਾਂ ਦੀਵਾਨ ਦੀ ਸਮਾਪਤੀ ਤੇ ਉਹ ਬਾਬਾ ਜੀ ਨੂੰ ਮਿਲਿਆ ਤੇ ਅੰਮ੍ਰਿਤ ਛਕਣ ਦੀ ਬੇਨਤੀ ਕੀਤੀ | ਬਾਬਿਆਂ ਪੁੱਛਿਆ- ਪਾਠ ਕਰ ਲੈਨੈ ? ਝੱਬਰ ਨੇ ਕਿਹਾ- ਨਾਂ ਜੀ ਮੈਂ ਤਾਂ ਕੋਰਾ ਅਨਪੜ੍ਹ ਆਂ | ਬਾਬਾ ਜੀ ਨੇ ਕਿਹਾ- ਪਹਿਲਾਂ ਗੁਰਮੁਖੀ ਸਿਖ, ਫਿਰ ਅੰਮ੍ਰਿਤ ਦਾ ਹੱਕਦਾਰ ਹੋਇੰਗਾ | ਅਸੀਂ ਗੁਰਮੁਖੀ ਵੀ ਸਿਖਾ ਰਹੇ ਹਾਂ | ਮਹੀਨੇ ਵਿਚ ਝੱਬਰ ਗੁਰਮੁਖੀ ਪੜ੍ਹਨੀ ਲਿਖਣੀ ਸਿਖ ਗਿਆ ਤਾਂ ਅੰਮ੍ਰਿਤ ਛਕਿਆ |
ਅਖਬਾਰ ਪੜ੍ਹਨ ਲੱਗ ਪਿਆ ਤਾਂ ਜਾਣਿਆ ਕਿ ਮਹੰਤ ਇਤਿਹਾਸਕ ਗੁਰੂ ਘਰਾਂ ਦੀ ਬੇਅਦਬੀ ਕਰ ਰਹੇ ਹਨ | ਆਪ ਜਾ ਕੇ ਅੱਖੀਂ ਦੇਖਿਆ ਕਿ ਤਰਨ ਤਾਰਨ ਸਾਹਿਬ ਲੰਗਰ ਅਤੇ ਕੜਾਹ-ਪ੍ਰਸ਼ਾਦਿ ਕਰਨ ਦਾ ਠੇਕਾ ਜਿਸ ਹਲਵਾਈ ਨੂੰ ਦਿੱਤਾ ਹੋਇਆ ਹੈ, ਇਕ ਹੱਥ ਨਾਲ ਕੜਾਹੇ ਵਿਚ ਖੁਰਚਣਾ ਫੇਰ ਰਿਹੈ, ਦੂਜੇ ਹੱਥ ਬੀੜੀ ਫੜੀ ਸੂਟੇ ਲਾ ਰਿਹੈ |
ਗੁਰੂ-ਚਰਨਾਂ ਦਾ ਧਿਆਨ ਧਰਕੇ ਅਖਬਾਰ ਵਿਚ ਇਸ਼ਤਿਹਾਰ ਦੇ ਦਿੱਤਾ ਕਿ
ਆਉਂਦੀ ਸੰਗਰਾਂਦ ਅਕਾਲ ਤਖਤ ਸਾਹਿਬ ਵਿਖੇ ਉਹ ਸੱਜਨ ਪੁੱਜਣ ਜਿਹੜੇ ਬੇਅਦਬੀ ਰੋਕਣ ਦੇ ਇਛੁਕ ਹੋਣ | ਇਹ ਘਟਨਾ ਇਕ ਸਦੀ ਪਹਿਲਾਂ ਦੀ ਹੈ | ਸੋਚਦਾ ਰਿਹਾ - ਕੋਈ ਆ ਜਾਇਗਾ ? ਪੱਚੀ ਸਿੱਖ ਵੀ ਆ ਜਾਣ, ਕੰਮ ਚਲ ਸਕਦੈ | ਪੜ੍ਹੇ ਲਿਖੇ ਆਉਣਗੇ ਨੀਂ, ਅਣਪੜ੍ਹਾਂ ਨੇ ਇਸ਼ਤਿਹਾਰ ਨਹੀਂ ਪੜ੍ਹ ਸਕਣਾ |
ਗਜ਼ਬ ਹੋ ਗਿਆ, ਮਿਥੇ ਦਿਨ 200 ਤੋਂ ਵਧੀਕ ਸਿਖ ਪੁੱਜ ਗਏ ਜਿਨ੍ਹਾ ਵਿਚ ਸ. ਤੇਜਾ ਸਿੰਘ ਸਮੁੰਦਰੀ ਅਤੇ ਪ੍ਰਿੰ. ਤੇਜਾ ਸਿੰਘ ਵੀ ਸਨ | ਸਭ ਦੇ ਸਭ ਹਮ-ਖਿਆਲ | ਝੱਬਰ ਨੇ ਕਿਹਾ- ਸਿਰਲੱਥ ਯੋਧਿਆਂ ਦਾ ਆਪਣਾ ਇਕ ਜੱਥਾ ਹੋਵੇਗਾ, ਬੇ ਝਿਜਕ, ਬੇਖੌਫ | ਉਸ ਦਾ ਨਾਮ ਕੀ ਰੱਖੀਏ ? ਕਿਸੇ ਨੇ ਕਿਹਾ- ਖਾਲਸਾ ਸੇਵਕ ਜਥਾ | ਝੱਬਰ ਨੇ ਕਿਹਾ- ਇਹ ਕੁਝ ਨਰਮ ਜਿਹਾ ਨਾਮ ਹੈ | ਜਲ ਛਕਾਉਣ, ਜੋੜਿਆਂ ਦੀ ਸੇਵਾ ਕਰਨੀ ਹੋਵੇ ਇਹ ਨਾਮ ਠੀਕ ਹੈ | ਨਾਮ ਹੋਵੇ ਜੋ ਮੁਰਦਿਆਂ ਵਿਚ ਜਾਨ ਪਾ ਦਏ | ਸੰਗਤ ਨੇ ਕਿਹਾ- ਸਿੰਘ ਸਾਹਿਬ ਤੁਸੀਂ ਦੱਸੋ ਕੋਈ ਨਾਮ ? ਝੱਬਰ ਨੇ ਕਿਹਾ- ਅਕਾਲੀ ਦਲ ਠੀਕ ਰਹੇ ? ਸਭ ਮੰਨ ਗਏ, ਬਸ ਏਨਾ ਹੋਇਆ ਕਿ ਇਸਦੇ ਅੱਗੇ ਸ਼੍ਰੋਮਣੀ ਲਫਜ਼ ਹੋਰ ਜੋੜ ਦਿੱਤਾ | ਪ੍ਰਵਾਨਗੀ ਦਾ ਜੈਕਾਰਾ | ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ |
ਇਥੋਂ ਅਕਾਲੀ ਮੋਰਚਿਆਂ ਦਾ ਸ਼ਾਨਦਾਰ ਇਤਹਾਸ ਸ਼ੁਰੂ ਹੁੰਦਾ ਹੈ | ਪਹਿਲੋਂ ਅਕਾਲੀ ਨੀਲੀਆਂ ਦਸਤਾਰਾਂ ਸਜਾਇਆ ਕਰਦੇ, ਸਮੁੰਦਰ ਅਤੇ ਅਸਮਾਨ ਦਾ ਚਿੰਨ੍ਹ | ਨੀਲੇ ਦੇ ਸਵਾਰ ਗੁਰੂ ਗੋਬਿੰਦ ਸਿੰਘ ਦੇ ਬਾਣੇ ਦਾ ਰੰਗ | ਫਿਰ ਜੈਤੋ ਅਤੇ ਨਨਕਾਣਾ ਵਿਚ ਸ਼ਹਾਦਤਾਂ ਵਧੀਕ ਹੋ ਗਈਆਂ ਤਾਂ ਰੋਸ ਵੱਜੋਂ ਕਾਲੇ ਰੰਗ ਦੀਆਂ ਦਸਤਾਰਾਂ ਅਤੇ ਕਾਲੇ ਰੰਗ ਦੇ ਦੁਪੱਟੇ ਸਜਾਏ |
ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )
ਵੇਖਦੇ ਰਹੋ ----

No comments:

Post a Comment

Thanks for Comment us