Tuesday 11 July 2017

ਗ਼ਜ਼ਲ - ਗੁਰਚਰਨ ਸਿੰਘ ਢੁੱਡੀਕੇ



ਗੱਲ ਜ਼ੁਲਫ਼ਾਂ ਦੀ ਕਰੋ, ਜਾਂ ਇਨਕਲਾਬ ਦੀ ਕਰੋ।
ਬੱਸ ਗ਼ਜ਼ਲ ਗ਼ਜ਼ਲ ਰਹੇ ਕਿ ਇਸ ਹਿਸਾਬ ਦੀ ਕਰੋ।

ਹਰ ਲਫ਼ਜ਼ ਵਿਚ ਪੀੜ ਯਾਰੋ, ਲੋਕਤੀ ਦੀ ਪੀੜ ਹੋ,
ਗੱਲ ਲੋਕਾਂ ਦੀ ਕਰੋ, ਜਾ ਦਿਲ ਜਨਾਬ ਦੀ ਕਰੋ।

ਕੰਡਿਆਂ ਦੇ ਜ਼ਖ਼ਮ, ਰਿਸਦਾ ਖੂਨ ਵੀ ਦਿਸਦਾ ਰਹੇ,
ਇਸ ਤਰ੍ਹਾਂ ਕੁਛ ਗੱਲ, ਪਰ ਮਸਲੇ ਗੁਲਾਬ  ਦੀ ਕਰੋ।

ਦਰਦ ਲੋਕ ਦੇ ਉਣੋ, ਆਪਣੀ ਕਲਮ  ਦੀ ਨੋਕ ਤੋਂ,
ਵਾਸਤਾ ਮਹਿਫ਼ਿਲ 'ਚ, ਗੱਲ ਈ ਨਾ ਸ਼ਰਾਬ ਦੀ ਕਰੋ।

ਸ਼ੇਰ ਖੂਨੀ ਦੀ ਕਰੋ, ਜੋ ਭੇਸ ਭੇਡ ਦੇ 'ਚ ਹੈ 
ਗੱਲ ਥਾਂ- ਥਾਂ ਚੜ੍ਹ ਰਹੇ, ਐਸੇ ਨਿਕਾਬ ਦੀ ਕਰੋ।

ਹੈ ਕਿਸੇ ਮਜ਼ਦੂਰ ਦੀ ਮਿਹਨਤ, ਖ਼ੁਦਾ ਜੋ ਸਾਹਮਣੇ 
ਨਾ ਉਮੀਦ ਏਸ ਤੋਂ, ਯਾਰੋ ਜਵਾਬ ਦੀ ਕਰੋ।


- ਗੁਰਚਰਨ ਸਿੰਘ ਢੁੱਡੀਕੇ 

      ਕਾਸ਼ !.... ਇਹ ਸੰਜੀਦਾ ਸ਼ਾਇਰ ਸਾਡੇ 'ਚ ਮੌਜੂਦ ਹੁੰਦਾ। .....ਤੇ ਅਸੀਂ ਹੋਰ ਲੰਮਾ ਸਮਾਂ ਸਾਹਿਤਕ ਰਚਨਾਵਾਂ ਦਾ ਨਿੱਘ ਮਾਣ ਸਕਦੇ......

Friday 7 July 2017

ਬੁੱਲਿਆ ਦੇਸ ਪੰਜਾਬ ਨੂੰ - ਨੱਕਾਸ਼


ਬੁੱਲਿਆ ਦੇਸ ਪੰਜਾਬ ਨੂੰ
ਹਾਕਮ ਗਿਆ ਮਧੋਲ਼
ਏਥੇ ਸੋਚੀਂ ਲੱਗੇ ਜੰਦਰੇ
ਤੇ ਚਾਬੀ ਹਾਕਮ ਕੋਲ਼

ਬੁੱਲਿਆ ਦੇਸ ਪੰਜਾਬ ਦੇ
ਹੁਣ ਘਰ ਘਰ ਏਹੋ ਅੱਗ
ਭੇਡਾਂ ਦੇ ਵਿੱਚ ਰਲ਼ ਗਿਆ
ਵੇਖ ਸੂਰਾਂ ਦਾ ਵੱਗ

ਬੁੱਲਿਆ ਦੇਸ ਪੰਜਾਬ ਤੋਂ
ਕਿਤੇ ਓਧਲ ਗਿਆ ਜ਼ਮੀਰ
ਤਨ ਚਿੱਟੇ ਮਨ ਗੰਧਲੇ
ਤੇ ਨੈਣਾ ਦੇ ਵਿੱਚ ਟੀਰ

ਬੁੱਲਿਆ ਦੇਸ ਪੰਜਾਬ ਦਾ
ਸੁਣ ਅੱਖੀਂ ਢਿੱਠਾ ਹਾਲ
ਏਥੇ ਭੈਣ ਭਾਈ ਨਾਲ ਜਾਂਵਦੀ
ਤੇ ਕੁੱਤੇ ਆਖਣ ਮਾਲ

ਬੁੱਲਿਆ ਦੇਸ ਪੰਜਾਬ ਦੇ
ਦਾਨਿਸ਼ ਅਕਲੋਂ ਤੰਗ
ਸ਼ੋਹਰਤ ਹੱਥੋਂ ਹਾਰ ਗਏ
ਸੱਭਿਆਚਾਰ ਦੀ ਜੰਗ

ਬੁੱਲਿਆ ਦੇਸ ਪੰਜਾਬ ਦੀ
ਕੀ ਸਿਫਤ ਸੁਣਾਵਾਂ ਯਾਰ
ਗੀਤਾਂ ਵਿੱਚ ਦੁਨਾਲੀਆਂ
ਨਸ਼ਿਆਂ ਦਾ ਵਿਉਪਾਰ

ਬੁੱਲਿਆ ਦੇਸ ਪੰਜਾਬ ਨੇ
ਵਿੱਸਰੇ ਗੁਰੂ ਤੇ ਪੀਰ
ਏਥੇ ਹਾਕਮ ਧਿਰ ਨੇ ਜਬਰੀਂ
ਦੂਹਰੇ ਕਰੇ ਸ਼ਤੀਰ

ਬੁੱਲਿਆ ਦੇਸ ਪੰਜਾਬ ਦਾ
ਦੱਸਾਂ ਕਿੰਝ ਦੁਖਾਂਤ
ਏਥੇ ਮੁਰਦਾ ਚੁੱਪ ਹੈ ਪਸਰੀ
ਕਹਿਣ ਨੂੰ ਸੂਬਾ ਸ਼ਾਂਤ


- ਨੱਕਾਸ਼ 

Thursday 6 July 2017

ਰੂਹ ਦੇ ਦਿਲਦਾਰ - ਪ੍ਰੋ: ਦਵਿੰਦਰਪ੍ਰੀਤ


ਸਾਵਣ ਦੀ ਫੁਹਾਰ  ਤੂੰ
ਲੋਚਾਂ ਤੇਰੇ ਪਿਆਰ ਨੂੰ।

ਤੇਰੇ ਬਾਝ ਸੁੰਨਾ ਸਭ,
ਹਾਸੇ ਦੇਹ ਖਿਲਾਰ ਤੂੰ।

ਤਪਦਾ ਜੇ ਥਲ ਹੈ,
ਸਾਗਰ ਠੰਡਾ ਠਾਰ ਤੂੰ।

ਹੈ ਮੌਸਮ ਕੰਡੇਦਾਰ ਜੇ,
ਫੁਲਾਂ ਨਾ ਸ਼ਿੰਗਾਰ ਤੂੰ।

ਭਾਲਦਾ ਹੈ ਵਣਜ ਜਗ,
ਏਸ ਤੋਂ ਹੈ ਬਾਹਰ ਤੂੰ।

ਮੇਚ ਨਹੀ ਜੋ ਜਗ ਦੇ,
ਐਸਾ ਕਿਰਦਾਰ ਤੂੰ।

ਤੂੰ ਇਸ਼ਕ ਤੂੰ ਰੀਤ,
ਤੂੰ ਪਰੇਮ ਪਿਆਰ ਤੂੰ।

ਲਿਖ ਕੋਈ ਸੁਨਹਿਰੀ ਹਰਫ,
ਰੂਹ ਦੇ ਦਿਲਦਾਰ ਨੂੰ।

ਸਰਦਲ ਦੀ ਛਾਂਵੇ,
ਮੇਰਾ ਇੰਤਜਾਰ ਤੂੰ।

'ਪਰੀਤ' ਨੈਣ ਲੋਚਦੇ,
ਤੇਰੇ ਹੀ ਦੀਦਾਰ ਨੂੰ।


- ਪ੍ਰੋ: ਦਵਿੰਦਰਪ੍ਰੀਤ, ਚੰਡੀਗੜ੍ਹ 
ਮੋਬਾਈਲ : 8427216466

ਚਿੱਠੀ ਬੇਬੇ ਦੀ - ਮਲਕੀਅਤ ਬਸਰਾ



ਅੱਜ ਲਿਖਕੇ ਚਿੱਠੀ ਬੇਬੇ ਨੇ ਭੇਜੀ ਧੀ ਰਾਣੀ ਨੂੰ,
ਦੁੱਧ ਪਿਲਾ ਕੇ ਪੁੱਤਾਂ ਨੂੰ ਧੀਏ ਤਰਸਾਂ ਪਾਣੀ ਨੂੰ,
ਭਾਬੀਆਂ ਤੇਰੀਆਂ ਘਰ ਦੇ ਚਾਰੇ ਖੂੰਜੇ ਮੱਲੇ ਆ।
ਮੇਰਾ ਤੇ ਤੇਰੇ ਬਾਪੂ ਦਾ ਮੰਜਾ ਢਾਰੇ ਥੱਲੇ ਆ।

ਗੋਹਾ ਕੂੜਾ  ਪਸ਼ੂਆਂ ਦਾ ਅਸੀਂ ਰੋਜ਼ ਹੀ ਕਰਦੇ ਹਾਂ 
 ਫਿਰ ਵੀ ਸੌ - ਸੌ  ਗੱਲਾਂ ਨੂੰਹਾਂ ਦੀਆਂ ਜਰਦੇ ਹਾਂ 
ਵੀਰ ਤੇਰੇ ਤਾਂ ਭਾਬੀਆਂ ਪਿੱਛੇ ਹੋ ਗਏ ਝੱਲੇ ਆ। 
ਮੇਰਾ ਤੇ ਤੇਰੇ ਬਾਪੂ ਦਾ....................

ਗੋਹੇ ਕਰਕੇ ਮੱਖੀਆਂ - ਮੱਛਰ ਬਹੁਤ ਸਤਾਉਂਦੇ ਲੱਗੇ,
ਮੀਂਹ  ਵਿੱਚ ਚੋਵੇ ਢਾਰਾ ਗਿੱਲਾ ਮੰਜਾ ਦੋਣ ਲੱਗੇ, 
ਭਿੱਜ ਗਏ ਮੀਂਹ ਵਿਚ ਸਾਰੇ ਸਾਡੇ ਲੀੜ੍ਹੇ ਟੱਲੇ ਆ।
ਮੇਰਾ ਤੇ ਤੇਰੇ ਬਾਪੂ ਦਾ....................

ਮਾਵਾਂ ਕੋਲੋਂ ਡਰਦੇ ਪੋਤੇ ਕੋਲ ਨਾ ਆਉਂਦੇ ਆ
ਦੂਰੋਂ ਡੁਸਕਣ ਪੋਤੀਆਂ ਜਦ ਮਾਪੇ ਧਮਕਾਉਦੇ  ਆ 
ਬਿਰਧ ਘਰ ਵਿਚ ਰੁਲਦੇ ਮਾਪੇ ਨਾ ਜਾਂਦੇ ਝੱਲੇ ਆ।
ਮੇਰਾ ਤੇ ਤੇਰੇ ਬਾਪੂ ਦਾ....................

ਕਿਉਂ  ਹੱਥ ਵੱਢ ਕੇ ਦਿੱਤੇ ਹੁਣ ਪਛਤਾਉਂਦੇ ਆਂ  
ਜੋ ਰੁੱਖਾਂ ਮਿੱਸਾ ਮਿਲਦਾ ਖਾ ਕੇ ਸ਼ੁਕਰ  ਮਨਾਉਂਦੇ ਆਂ , 
ਦੇਖ ਜਾ ਆ ਕੇ ਧੀਏ ਅਜੇ ਤਾ ਜ਼ਖ਼ਮ  ਇਹ ਅੱਲੇ ਆ।
ਮੇਰਾ ਤੇ ਤੇਰੇ ਬਾਪੂ ਦਾ....................

ਮੰਦਿਰ, ਗੁਰਦੁਆਰੇ ਜਾ ਕੇ ਰੱਬ ਨੂੰ ਭਾਲਦੇ ਜੋ,
ਕਾਹਦੇ ਪੁੱਤ ਤੇ  ਨੂੰਹਾਂ ਬੁਜ਼ਰਗਾਂ  ਨੂੰ ਟਾਲਦੇ ਜੋ, 
ਕਹਿੰਦੇ  ਕਿਥੋਂ ਰੱਬਾ ਸਾਡੇ ਪੈ ਗਈ ਪੱਲੇ ਆ।
ਮੇਰਾ ਤੇ ਤੇਰੇ ਬਾਪੂ ਦਾ....................

ਬੱਸ ਚਿੱਠੀ ਪੜ੍ਹ ਕੇ  ਬੇਬੇ ਧੀ  ਭੱਜੀ  ਆਈ ਆ, 
ਚੁੱਕ ਕੇ ਬਾਪੂ ਬੇਬੇ ਓਹਨੇ ਕਾਰ ਵਿਚ  ਬਿਠਾਈ ਆ, 
ਖੁਸ਼ੀ - ਖੁਸ਼ੀ ਨਾਲ ਬਾਪੂ ਬੇਬੇ  ਚੱਲੇ ਆ।
ਬੇਬੇ ਤੇ ਬਾਪੂ  ਦੀ ਹੋ ਗਈ ਬੱਲੇ ਬੱਲੇ ਆ।
ਹੋ ਗਈ  ਬੱਲੇ ਬੱਲੇ ਆ..................


- ਮਲਕੀਅਤ ਬਸਰਾ, ਚੰਡੀਗੜ੍ਹ 

Saturday 1 July 2017

ਜੀ. ਐੱਸ. ਟੀ. ਤੋਂ ਬਾਅਦ ਵਸਤੂਆਂ ਤੇ ਲਾਗੂ ਹੋਣ ਵਾਲੀਆਂ ਦਰਾਂ


ਜੀ. ਐੱਸ. ਟੀ. ਲਾਗੂ  ਹੋਣ ਤੋਂ ਬਾਅਦ ਕੱਟੇ ਹੋਏ 2 ਬਿੱਲ  

 
ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )