Thursday 6 July 2017

ਚਿੱਠੀ ਬੇਬੇ ਦੀ - ਮਲਕੀਅਤ ਬਸਰਾ



ਅੱਜ ਲਿਖਕੇ ਚਿੱਠੀ ਬੇਬੇ ਨੇ ਭੇਜੀ ਧੀ ਰਾਣੀ ਨੂੰ,
ਦੁੱਧ ਪਿਲਾ ਕੇ ਪੁੱਤਾਂ ਨੂੰ ਧੀਏ ਤਰਸਾਂ ਪਾਣੀ ਨੂੰ,
ਭਾਬੀਆਂ ਤੇਰੀਆਂ ਘਰ ਦੇ ਚਾਰੇ ਖੂੰਜੇ ਮੱਲੇ ਆ।
ਮੇਰਾ ਤੇ ਤੇਰੇ ਬਾਪੂ ਦਾ ਮੰਜਾ ਢਾਰੇ ਥੱਲੇ ਆ।

ਗੋਹਾ ਕੂੜਾ  ਪਸ਼ੂਆਂ ਦਾ ਅਸੀਂ ਰੋਜ਼ ਹੀ ਕਰਦੇ ਹਾਂ 
 ਫਿਰ ਵੀ ਸੌ - ਸੌ  ਗੱਲਾਂ ਨੂੰਹਾਂ ਦੀਆਂ ਜਰਦੇ ਹਾਂ 
ਵੀਰ ਤੇਰੇ ਤਾਂ ਭਾਬੀਆਂ ਪਿੱਛੇ ਹੋ ਗਏ ਝੱਲੇ ਆ। 
ਮੇਰਾ ਤੇ ਤੇਰੇ ਬਾਪੂ ਦਾ....................

ਗੋਹੇ ਕਰਕੇ ਮੱਖੀਆਂ - ਮੱਛਰ ਬਹੁਤ ਸਤਾਉਂਦੇ ਲੱਗੇ,
ਮੀਂਹ  ਵਿੱਚ ਚੋਵੇ ਢਾਰਾ ਗਿੱਲਾ ਮੰਜਾ ਦੋਣ ਲੱਗੇ, 
ਭਿੱਜ ਗਏ ਮੀਂਹ ਵਿਚ ਸਾਰੇ ਸਾਡੇ ਲੀੜ੍ਹੇ ਟੱਲੇ ਆ।
ਮੇਰਾ ਤੇ ਤੇਰੇ ਬਾਪੂ ਦਾ....................

ਮਾਵਾਂ ਕੋਲੋਂ ਡਰਦੇ ਪੋਤੇ ਕੋਲ ਨਾ ਆਉਂਦੇ ਆ
ਦੂਰੋਂ ਡੁਸਕਣ ਪੋਤੀਆਂ ਜਦ ਮਾਪੇ ਧਮਕਾਉਦੇ  ਆ 
ਬਿਰਧ ਘਰ ਵਿਚ ਰੁਲਦੇ ਮਾਪੇ ਨਾ ਜਾਂਦੇ ਝੱਲੇ ਆ।
ਮੇਰਾ ਤੇ ਤੇਰੇ ਬਾਪੂ ਦਾ....................

ਕਿਉਂ  ਹੱਥ ਵੱਢ ਕੇ ਦਿੱਤੇ ਹੁਣ ਪਛਤਾਉਂਦੇ ਆਂ  
ਜੋ ਰੁੱਖਾਂ ਮਿੱਸਾ ਮਿਲਦਾ ਖਾ ਕੇ ਸ਼ੁਕਰ  ਮਨਾਉਂਦੇ ਆਂ , 
ਦੇਖ ਜਾ ਆ ਕੇ ਧੀਏ ਅਜੇ ਤਾ ਜ਼ਖ਼ਮ  ਇਹ ਅੱਲੇ ਆ।
ਮੇਰਾ ਤੇ ਤੇਰੇ ਬਾਪੂ ਦਾ....................

ਮੰਦਿਰ, ਗੁਰਦੁਆਰੇ ਜਾ ਕੇ ਰੱਬ ਨੂੰ ਭਾਲਦੇ ਜੋ,
ਕਾਹਦੇ ਪੁੱਤ ਤੇ  ਨੂੰਹਾਂ ਬੁਜ਼ਰਗਾਂ  ਨੂੰ ਟਾਲਦੇ ਜੋ, 
ਕਹਿੰਦੇ  ਕਿਥੋਂ ਰੱਬਾ ਸਾਡੇ ਪੈ ਗਈ ਪੱਲੇ ਆ।
ਮੇਰਾ ਤੇ ਤੇਰੇ ਬਾਪੂ ਦਾ....................

ਬੱਸ ਚਿੱਠੀ ਪੜ੍ਹ ਕੇ  ਬੇਬੇ ਧੀ  ਭੱਜੀ  ਆਈ ਆ, 
ਚੁੱਕ ਕੇ ਬਾਪੂ ਬੇਬੇ ਓਹਨੇ ਕਾਰ ਵਿਚ  ਬਿਠਾਈ ਆ, 
ਖੁਸ਼ੀ - ਖੁਸ਼ੀ ਨਾਲ ਬਾਪੂ ਬੇਬੇ  ਚੱਲੇ ਆ।
ਬੇਬੇ ਤੇ ਬਾਪੂ  ਦੀ ਹੋ ਗਈ ਬੱਲੇ ਬੱਲੇ ਆ।
ਹੋ ਗਈ  ਬੱਲੇ ਬੱਲੇ ਆ..................


- ਮਲਕੀਅਤ ਬਸਰਾ, ਚੰਡੀਗੜ੍ਹ 

No comments:

Post a Comment

Thanks for Comment us