Saturday 13 May 2017

17ਵੀਂ -18ਵੀ ਸਦੀ ਦੇ ਸਿੱਖਾਂ ਦਾ ਜੀਵਨ, ਵੇਸਭੂਸ਼ਾ, ਰਹਿਣ-ਸਹਿਣ


                 
                            ਉਨ੍ਹੀਂ ਦਿਨੀ ਸਿੱਖਾਂ ਦੀ ਕਸ਼ਟਾਂ ਭਰੀ ਜ਼ਿੰਦਗੀ ਬਿਆਨ ਕਰਨ ਲੱਗਿਆਂ ਦੋਸਤ ਦੁਸ਼ਮਣ ਹਰ ਇਤਿਹਾਸਕਾਰ ਦਾ ਕਲੇਜਾ ਮੂੰਹ ਨੂੰ ਆਇਆ ਹੈ।10 ਅਕਤੂਬਰ 1710 ਨੂੰ ਦਿੱਲੀ ਹਕੂਮਤ ਵੱਲੋਂ ਇਹ ਹੁਕਮ ਜਾਰੀ ਹੋ ਗਿਆ ਸੀ,ਕਿ ਜਿੱਥੇ ਵੀ ਗੁਰੂੁ ਨਾਨਕ ਨਾਮ ਲੈਣ ਵਾਲਾ ਮਨੁੱਖ ਦਿੱਸੇ ,ਉਸ ਨੂੰ ਕਤ੍ਹਲ ਕਰ ਦਿੱਤਾ ਜਾਵੇ।ਸੋ ਸਿੱਖਾਂ ਦਾ ਜੰਗਲੀ ਜਾਨਵਰਾਂ ਵਾਂਗ ਪਿੱਛਾ ਕੀਤਾ ਜਾਣ ਲੱਗਾ।ਪਿੰਡਾਂ ਸ਼ਹਿਰਾਂ ਵਿੱਚੋਂ ਫੜ੍ਹ ਫੜ੍ਹ ਕੇ ਸਿੱਖ ਕੋਹ ਕੋਹ ਕੇ ਮਾਰ ਦਿੱਤੇ ਗਏ।ਇੱਕ ਸਿੱਖ ਦੇ ਸਿਰ ਦਾ ਅੱਸੀ ਰੁਪਏ( ਅੱਜ ਸੰਨ 2014 ਵਿੱਚ ਡੇਢ ਲੱਖ ਰੁਪਏ ਬਰਾਬਰ) ਇਨਾਮ ਰੱਖਿਆ ਗਿਆ।ਲਾਲਚੀ ਲੋਕਾਂ ਨੇ ਆਪਣੀਆਂ ਕੁੜੀਆਂ ਮਾਰ ਕੇ ,ਨੌਜਵਾਨ ਕੇਸਾਧਾਰੀ ਸਿੱਖਾਂ ਦੇ ਸਿਰ ਕਹਿ ਕੇ ਉਹ ਇਨਾਮ ਵਸੂਲੇ।ਖਾਣ ਵਾਲੇ ਗੁੜ ਦੇ ਨਾਮ ਤੇ ਪਾਬੰਦੀ ਲੱਗ ਗਈ( ਕਿਉਂਕਿ ਗੁੜ ਆਖਿਆਂ ਸਿੱਖਾਂ ਨੂੰ ਗੁਰੂੁ ਯਾਦ ਆਉਂਦਾ ਸੀ ਸੋ ਗੁੜ ਦਾ ਨਾਮ ਰੋੜੀ ਰੱਖ ਦਿੱਤਾ ਗਿਆ)।ਉੱਤੋਂ ਕੁਦਰਤ ਦਾ ਕਹਿਰ ਵਰਤਿਆ। 1781ਤੋਂ 1783 ਬਾਰਸ਼ਾਂ ਬਿਲਕੁਲ ਹੀ ਨਾ ਹੋਈਆਂ ਜਿਸ ਕਾਰਨ ਉੱਤਰ ਪੱਛਮੀ ਭਾਰਤ ਭਿਆਨਕ ਕਾਲ ਦੀ ਲਪੇਟ ਵਿੱਚ ਆ ਗਿਆ।ਹਾਲਾਤ ਏਨੇ ਆਦਮਖੋਰ ਹੋ ਗਏ ਕਿ ਹਜ਼ਾਰਾਂ ਲੋਕ ਭੁੱਖ ਨਾਲ ਮਰ ਗਏ।ਭੁੱਖੇ ਪਰਿਵਾਰਾਂ ਦੀਆਂ ਅੱਖਾਂ ਸਭ ਤੋਂ ਪਹਿਲਾਂ ਮਰਣ ਵਾਲੇ ਪਰਿਵਾਰ ਦੇ ਜੀਅ ਦਾ ਮਾਸ ਖਾਣ ਨੂੰ ਉਡੀਕਣ ਲੱਗੀਆਂ। ਬੱਚੇ ਵੇਚ ਦਿੱਤੇ ਗਏ। ਪਸ਼ੂਆ ਦਾ ਚਾਰਾ ਖਤਮ ਹੋ ਗਿਆ।ਘਰ ਦੇ ਇੱਕ ਜੀਅ ਨੂੰ ਰੋਜ਼ ਜੰਗਲ ਵਿੱਚੋਂ ਕੁਝ ਖਾਣ ਨੂੰ ਲਿਆਉਣ ਵਾਸਤੇ ਭੇਜਿਆ ਜਾਣ ਲੱਗਾ। ਜਾਂ ਉਸ ਨੂੰ ਜੰਗਲੀ ਜਾਨਵਰ ਖਾ ਜਾਂਦੇ ਜਾਂ ਉਹ ਖਾਣ ਨੂੰ ਕੁਝ ਲੈ ਆਉਂਦਾ।ਉੱਤੋਂ ਟਿੱਟਣ ਨਾਮ ਦੇ ਛੋਟੇ ਕੀੜੇ ਪਤਾ ਨਹੀਂ ਕਿੱਥੋਂ ਪੈਦਾ ਹੋ ਗਏ ਜਿਨ੍ਹਾਂ ਨੇ ਬਚੇ ਖੁਚੇ ਘਾਹ ਦੀਆਂ ਜੜ੍ਹਾਂ ਵੀ ਖਾ ਲਈਆਂ।ਭੁੱਖੇ ਪਸ਼ੂ ਇਹ ਟਿਟਣਾਂ ਖਾਣ ਲੱਗੇ।ਦੁੱਧ ਦਾ ਰੰਗ ਲਾਲ ਹੋ ਗਿਆ।ਜਿਸ ਵਿੱਚੋਂ ਸਿਰਫ ਮੱਖਣ ਹੀ ਕੁਝ ਖਾਣ ਜੋਗਾ ਨਿਕਲਦਾ।ਦਿੱਲੀ ਦੀ ਹਕੂਮਤ ਨੇ ਖਜਾਨਾ ਖਾਲੀ ਕਹਿ ਕੇ ਹੱਥ ਖੜ੍ਹੇ ਕਰ ਦਿੱਤੇ।ਸ਼ਾਹੂਕਾਰਾਂ ਨੇ ਅਨਾਜ ਲੁਕੋ ਲਿਆ। ਆਟਾ ਦਾਲਾਂ ਤਿੰਨ ਰੁਪਏ ਸੇਰ ਵਿਕਣ ਲੱਗੀਆਂ।ਹਰੇ ਚਾਰੇ ਦਾ ਇੱਕ ਟਾਂਡਾ ਦੋ ਰੁਪਏ ਦਾ ਹੋ ਗਿਆ।ਡਾ.ਹਰੀ ਰਾਮ ਗੁਪਤਾ ਹਿਸਟਰੀ ਆਫ ਸਿੱਖਸ ਭਾਗ ਤੀਜਾ ਪੰਨਾ 176 ਉੱਤੇ ਜਮਨਾ ਗੰਗਾ ਦੁਆਬ ਦੇ ਇਲਾਕੇ ਸਕੁੰਦਰਾ ਰਾਉ ਦੇੇ ਇੱਕ ਸ਼ਾਹੂਕਾਰ ਬਾ੍ਰਹਮਣ ਦਾ ਜ਼ਿਕਰ ਕਰਦੇ ਹਨ।ਸੰਨ 1780 ਵਿੱਚ ਏਨੀ ਵਧੀਆ ਬਾਰਿਸ਼ ਹੋਈ ਉਸਦੇ ਘਰ ਬੇਤਹਾਸ਼ਾ ਅੰਨ ਪੈਦਾ ਹੋਇਆ।ਉਸ ਨੇ ਆਪਣਾ ਕੱਚਾ ਘਰ ਉੱਚੀ ਕੁਰਸੀ ਰੱਖ ਕੇ ਬਣਾਇਆ ਹੋਇਆ ਸੀ। ਉਸਨੇ ਆਪਣਾ ਨੀਂਵਾਂ ਵਿਹੜਾ ਘਟੀਆ ਕਿਸਮ ਦੇ ਅਨਾਜ ਨਾਲ ਭਰ ਕੇ ਉਸ ਉੱਪਰ ਮਿੱਟੀ ਪਾ ਦਿੱਤੀ ਜੋ ਉਸ ਨੂੰ ਮਿੱਟੀ ਗਾਰੇ ਤੋਂ ਵੀ ਸਸਤਾ ਪੈ ਗਿਆ।ਪਰ ਇਸ ਕਾਲ ਦੇ ਸਮੇਂ ਉਸਨੇ ਇਹ ਸਾਰਾ ਅਨਾਜ, ਵਿਹੜਾ ਪੁੱਟ ਕੇ ਤਿੰਨ ਰੁਪਏ ਸੇਰ ਵੇਚਿਆ ਜਿਸ ਨਾਲ ਉਸ ਦਾ ਘਰ ਵੀ ਪੱਕਾ ਬਣ ਗਿਆ ਅਤੇ ਨਗਦ ਪੈਸਾ ਵੀ ਬਹੁਤ ਬਚ ਗਿਆ।ਸੱਚੇ ਸੌਦੇ ਦਾ ਲੰਗਰ ਲਾਉਣ ਵਾਲੇ ਦੁਖੀਆਂ ਦੇ ਦਰਦੀ ਗੁਰੂੁ ਨਾਨਕ ਦੇ ਸਿੱਖ ਤਾਂ ਆਪ ਮੌਤ ਨਾਲ ਜੂਝ ਰਹੇ ਸਨ।ਜੰਗਲ ਬੇਲਿਆ ਵਿੱਚ ਜਾਂਨਾਂ ਲਕੋਂਦੇ ਸਿੱਖ ਪਹਿਲਾਂ ਹੀ ਮਾਰੂਥਲ ਦੇ ਤੁੱਕਿਆਂ ,ਡੇਲਿਆਂ ਅਤੇ ਪੀਲਾਂ ਉੱਪਰ ਦਿਨ ਕਟੀ ਕਰ ਰਹੇ ਸਨ। ਉਨ੍ਹਾਂ ਦੇ ਜੀਵਨ ਦੀ ਤਰਸਯੋਗ ਹਾਲਤ ਦੋ ਸਰੋਤਾਂ ਤੋਂ ਮਿਲਦੀ ਹੈ। ਪਹਿਲਾ ਸਰੋਤ ਹੈ ਫਰੁਖਾਬਾਦ ਦੇ ਨਵਾਬ ਦਾ ਫਰਾਂਸੀਸੀ ਅੰਗ੍ਰੇਜ਼ ਸੈਨਾਪਤੀ ਮੇਜਰ ਪੋਲੀਅਰ ਜੋ 1773 ਵਿੱਚ ਸਿੱਖਾਂ ਨਾਲ ਮੈਦਾਨੇ ਜੰਗ ਵਿੱਚ ਸਾਹਮਣੇ ਆਇਆ।ਉਹ ਲਿਖਦਾ ਹੈ, ਕਿ ਸਿੱਖਾਂ ਦਾ ਲਿਬਾਸ ਸਿਰ ਉੱਪਰ ਨੀਲੇ ਰੰਗ ਦੀ ਛੋਟੀ ਪੱਗ, ਦੂਹਰੇ ਕਛਹਿਰੇ,ਦੋ ਖੇਸ ਜੋ ਇੱਕ ਉੱਤੇ ਲੈਣ ਨੂੰ ਅਤੇ ਦੂਜਾ ਘੋੜੇ ਦੀ ਕਾਠੀ ਲਈ, ਪੈਰੋਂ ਨੰਗੇ ਹੁੰਦੇ ਹਨ ਅਤੇ ਸਿਵਾਏ ਆਪਣੇ ਸਰਦਾਰ(ਸ਼ਾਇਦ ਗੁਰੁ ਗ੍ਰੰਥ ਸਾਹਿਬ) ਤੋਂ ਹੋਰ ਕੋਈ ਟੈਂਟ ਨਹੀਂ ਹੁੰਦਾ।ਉਹ ਸੌ ਸੌ ਕੋਹ ਰੋਜ਼ ਸਫਰ ਕਰ ਲੈਂਦੇ ਹਨ। ਅੰਤਾਂ ਦੀ ਗਰਮੀ, ਕਹਿਰਾਂ ਦੀ ਸਰਦੀ, ਬਾਰਸ਼ਾਂ ਅਤੇ ਹਨ੍ਹੇਰੀਆਂ ਉਨ੍ਹਾਂ ਦੇ ਸਿਰ ਤੋਂ ਏਂਵੇਂ ਹੀ ਲੰਘਦੀਆਂ ਹਨ।ਜੋ ਅਨਾਜ ਮਿਲ ਜਾਵੇ ਉਹ ਇੱਕ ਥਾਂ ਇਕੱਠਾ ਉਬਾਲ ਕੇ ਲੂਣ ਪਾ ਕੇ ਦਿਨ ਵਿੱਚ ਇੱਕ ਵਾਰ ਹੀ ਖਾਂਦੇ ਹਨ।ਇਹ ਵੀ ਓਦੋਂ ਜਦ ਇਹ ਸੁਖ ਸ਼ਾਂਤੀ ਵਿੱਚ ਰਹਿ ਰਹੇ ਹੋਣ। ਨਹੀਂ ਤਾਂ ਇੱਕ ਮੁਠੀ ਭੁੱਜੇ ਛੋਲਿਆਂ ਨਾਲ ਹੀ ਦਿਨ ਕੱਢ ਲੈਂਦੇ ਹਨ।ਇਨ੍ਹਾਂ ਵਿੱਚੋਂ ਕਿਸੇ ਦੀ ਮੌਤ ਹੋ ਜਾਵੇ ਤਾਂ ਗੀਤ ਗਾਉਂਦੇ ਹਨ( ਸ਼ਬਦ ਕੀਰਤਨ)ਅਤੇ ਸਵੀਟ ਡਿਸ਼ (ਕੜਾਹ ਪ੍ਰਸ਼ਾਦ) ਖਾਂਦੇ ਹਨ।ਪਰ ਜੇ ਉਨ੍ਹਾਂ ਦਾ ਘੋੜਾ ਮਰ ਜਾਵੇ ਤਾਂ ਬਹੁਤ ਰੋਂਦੇ ਹਨ।ਮੈਂ ਪੂਰੀ ਦੁਨੀਆ ਵਿੱਚ ਜਾਨਵਰ ਨੂੰ ਏਨਾ ਪਿਆਰ ਕਰਨ ਵਾਲੇ ਲੋਕ ਹੋਰ ਕਿਤੇ ਨਹੀਂ ਦੇਖੇ। ਉਨ੍ਹਾਂ ਦੇ ਡੀਲ ਡੌਲ ਸੰਸਾਰ ਪ੍ਰਸਿੱਧ ਬਹਾਦਰ ਕੌਮਾਂ ਨਾਲੋਂ ਵੀ ਬਹੁਤ ਵਧੀਆ ਹਨ। ਓਹਨਾਂ ਦੇ ਪੰਜ ਆਦਮੀ ਮੇਰੇ ਪੰਜਾਹ ਸਿਪਾਹੀਆਂ ਉੱਪਰ ਭਾਰੂ ਹੋ ਜਾਂਦੇ ਹਨ।(' ਐਰਲੀ ਯੂਰਪੀਨ ਅਕਾਊਂਟਸ ਆਫ ਦਾ ਸਿਖਸ' ਡਾ.ਗੰਡਾ ਸਿੰਘ ) ਮੇਜਰ ਏ.ਐੱਲ.ਐੱਚ ਪੋਲੀਅਰ ਨੇ ਬੇਨਤੀ ਕਰ ਕੇ ਉਨ੍ਹਾਂ ਦਰਵੇਸ਼ ਫਕੀਰਾਂ ਯੋਧਿਆਂ ਦੀ ਤਸਵੀਰ ਆਪਣੇ ਦੇਸ਼ ਵਾਸੀਆਂ ਨੂੰ ਦਿਖਾਉਣ ਲਈ ਆਪਣੇ ਕਲਾਕਾਰ ਕੋਲੋਂ ਸੰਨ 1773 ਵਿੱਚ ਤਿਆਰ ਕਰਵਾਈ।ਜਿਸ ਨੂੰ ਦੇਖ ਕੇ ਜਿੱਥੇ ਸਾਡਾ ਸਿਰ ਮਾਣ ਨਾਲ ਉੱਚਾ ਹੁੰਦਾ ਹੈ ਉੱਥੇ ਭੁੱਖ ਅਤੇ ਮੌਤ ਨਾਲ ਜੂਝ ਰਹੇ ਸਿੱਖਾਂ ਦੀ ਤਰਸਯੋਗ ਹਾਲਤ ਦੇਖ ਕੇ ਅੱਖਾਂ ਭਰ ਆਉਂਦੀਆਂ ਹਨ।ਅਜਿਹਾ ਜੀਵਨ ਜਿਉਣਾ ਤਾਂ ਇੱਕ ਪਾਸੇ ਰਿਹਾ ,ਸੋਚਕੇ ਹੀ ਰੌਂਗਟੇ ਖੜੇ ਹੋ ਜਾਂਦੇ ਹਨ।ਧੰਨ ਖਾਲਸਾ ਜੀ ਜੋ ਮੌਤ ਦੇ ਫਰਿਸ਼ਤੇ ਨੂੰ ਆਪਣਾ ਯਾਰ ਬਣਾਈ ਫਿਰਦੇ ਰਹੇ। ਦੂਸਰਾ ਮਿਲਦਾ ਜੁਲਦਾ ਸਰੋਤ ਗਿਆਨੀ ਗਿਆਨ ਸਿੰਘ ਰਚਿਤ 'ਪੰਥ ਪ੍ਰਕਾਸ਼' ਹੈ।ਜਿਸ ਵਿੱਚ ਲਿਖਿਆ ਹੈ:
ਏਕ ਵਕਤ ਵਰਤੈ ਨਿਤ ਲੰਗਰ,
ਸਭ ਕੋ ਬਾਂਛਤ ਮਿਲ ਹੈ।
ਆਠ ਪਹਿਰ ਮੈ ਰੁਖਾ ਮਿਸਾ,
ਪੰਚਾਅਮ੍ਰਿਤ ਕਰ ਗਿਲ ਹੈ। 
ਹੁਤੇ ਸਿੰਘ ਸਭ ਹੀ ਸੰਤੋਖੀ,
ਗੁਰੁ ਬਿਵਹਾਰ ਨਿਭਾਹਿਤ।
ਮਤਸਰ ਕਰਤ ਨਾ ਕੋਈ ਕਾਹਿ,
ਸੋ ਜਤ ਸਤ ਹਠ ਤਪ ਚਾਹਿਤ।
ਆਪਸ ਮਹਿਂ ਪਿਆਰ ਸਭ ਰਾਖਹਿਂ,
ਜੈਸ ਸਹੋਦਰ ਭਾਈ।
ਪੇਖ ਸਿੰਘ ਕੋ ਸਿੰਘ ਖੁਸ਼ੀ ਹੋਇ,
ਕਰੇ ਸੇਵ ਅਧਿਕਾਈ।

ਇੱਕ ਹੋਰ ਥਾਂ ਲਿਖਿਆ ਹੈ:
ਹੁਤੀ ਸਿੰਘਨ ਕੀ ਰੀਤਿ ਤਬ ਤਾਹਿ। 
ਦੁਇ ਦੁਇ ਕੱਛਾਂ ਸਭ ਕੇ ਲਘੂ ਰਹਿ।
ਖੱਦਰ ਚੌਂਸੀ ਕੇ ਦਸਤਾਰੇ।
ਸਾਫੇ ਊਭੌ ਹਜੂਰੀ ਭਾਰੇ।
ਇੱਕ ਇੱਕ ਭੂਰਾ ਗਾਤੀ ਹੇਤੈ।
ਦੂਸਰ ਭੂਰਾ ਸਭ ਕੰਮ ਦੇਤੈ।
ਇਤਕ ਪੁਸ਼ਾਕਾ ਬਾਰੋਂ ਮਾਸੈ। 
ਰਖਤ ਹੁਤ ਤਬ ਸਭ ਸਿੰਘ ਖਾਸੈ।
ਇਸ ਤੇ ਅਧਿਕ ਨਾ ਰਖਤ ਕਦਾਈਂ।
ਰਹਿਤ ਭਜਨ ਮੈ ਲੀਨ ਸਦਾਈਂ।

(ਸ. ਭੱਕਰ ਸਿੰਘ 'ਫਰੀਦਕੋਟ' ਦੇ ਲੰਮੇ ਲੇਖ  ਦਿੱਲੀ ਵਿੱਚ ਚਮਕੀ ਖਾਲਸੇ ਦੀ ਤੇਗ਼- ਮਾਰਚ 1783 ਵਿੱਚੋਂ)
 ( ਫੋਟੋ- ਪੋਲੀਅਰ ਦੁਆਰਾ ਬਣਵਾਈ ਸਿੱਖ ਦੀ ਤਸਵੀਰ #ਸ਼ਿਵਜੀਤ_ਸਿੰਘ )
ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )

No comments:

Post a Comment

Thanks for Comment us