Friday 23 June 2017

ਮੇਰੇ ਪਿੰਡ ਰੱਬ ਨਹੀਂ ਵਸਦਾ - ਕਵਿਤਾ

ਮੇਰੇ ਪਿੰਡ ਰੱਬ ਨਹੀਂ ਵਸਦਾ
ਮੇਰੇ ਪਿੰਡ ਵਸਦਾ  ਏ
"ਚੌਂਕੀਦਾਰਾਂ ਦਾ ਭਾਨਾ"
ਜੋ ਨਿੱਤ ਤਾਰਿਆਂ ਦੀ ਛਾਂਵੇ
ਮੋਢੇ ਤੇ ਰੱਖ ਕੇ ਕਹੀ
ਚੱਲ ਪੈਂਦਾ ਏ "ਪਥੇਰ" ਵੱਲ ਨੂੰ
ਤੇ ਸਾਰਾ ਦਿਨ ਹੋ ਕੇ
ਮਿੱਟੀ ਨਾਲ ਮਿੱਟੀ
ਮੂੰਹ-ਨੇਰ੍ਹੇ ਆ ਡਿੱਗਦਾ ਏ
ਆਪਣੇ ਕੱਚੇ ਕੋਠੇ  ਅੰਦਰ
ਮੇਰੇ  ਪਿੰਡ ਰੱਬ ਨਹੀਂ  ਵਸਦਾ
ਮੇਰੇ ਪਿੰਡ ਵਸਦਾ ਏ
"ਗੱਜਣ ਦਾ ਮੁੰਡਾ"
"ਗੇਲਾ ਪੱਲੇਦਾਰ" ਜੋ ਸਾਰਾ ਦਿਨ
ਸਰਕਾਰੀ ਗੁਦਾਮਾਂ ਚੋਂ
ਕਣਕ ਦੀਆਂ ਬੋਰੀਆਂ
ਲੱਦਕੇ ਟਰੱਕਾਂ 'ਚ
ਜਦੋਂ  ਟੁੱਟੇ ਜਿਹੇ ਸਾੲਿਕਲ ਤੇ ਅੱਧੀ ਰਾਤ ਨੂੰ
ਪਹੁੰਚਦਾ ਏ ਅਪਣੇ ਘਰ
ਤਾਂ ਉਸਦੇ ਬੱਚੇ
ਰੋਟੀ ਲਈ ਵਿਲਕਦੇ
ਸੌਂ ਚੁੱਕੇ ਹੁੰਦੇ ਨੇ
ਭੁੱਖਣ ਭਾਣੇ

ਮੇਰੇ ਪਿੰਡ ਰੱਬ ਨਹੀਂ  ਵਸਦਾ
ਮੇਰੇ ਪਿੰਡ ਵਸਦਾ ਏ
"ਲੰਬੜਦਾਰਾਂ ਦਾ ਬਲਕਾਰਾ"
ਜੋ ਅਪਣੇ  ਘਰ ਵੱਲ ਆਉਂਦੀ
ਬੈਂਕ ਵਾਲਿਆਂ ਦੀ ਜੀਪ ਦੇਖਕੇ
ਆਪਣੇ "ਬੇਰੁਜਗਾਰ ਪੁੱਤ" ਵੱਲ
ਅੱਖਾਂ ਕੱਢਦਾ
ਛਾਲ ਮਾਰਕੇ ਜਾ ਲੁੱਕਦਾ ਏ
ਡੰਗਰਾਂ ਵਾਲੇ ਵਰਾਂਡੇ ਵਿੱਚ
ਤੇ ਉਸਦੀ ਘਰਵਾਲੀ
ਅੱਧਾ ਕੁ ਘੁੰਡ ਕੱਢਕੇ
ਕਹਿ ਦਿੰਦੀ ਐ ਕਿ..
"ਬਿੰਦਰ ਦਾ ਬਾਪੂ ਤਾਂ ਜੀ
ਘਰੇ ਨੀ ਹੈ ਗਾ..."
ਮੇਰੇ  ਪਿੰਡ ਰੱਬ ਨਹੀਂ  ਵਸਦਾ
ਮੇਰੇ ਪਿੰਡ ਵਸਦੀ ਐ
"ਮੱਖਣ ਸ਼ਰਾਬੀ" ਦੀ ਘਰਵਾਲੀ "ਪੰਮੀ"
ਜੋ ਪਿੰਡ ਵਿੱਚੋਂ ਚਾਰ ਪੰਜ ਘਰਾਂ ਦਾ ਸੁੱਟਕੇ ਗੋਹਾ ਕੂੜਾ
ਜਦੋਂ ਮੁੜਦੀ ਐ ਅਪਣੇ ਘਰ
ਤਾਂ ਉਸਦਾ "ਪਰਮੇਸਰ ਪਤੀ"
ਘਰ ਦਾ ਵੇਚਕੇ ਕੋਈ ਸਮਾਨ
ਪੈ ਚੁੱਕਿਆ ਹੁੰਦਾ ਏ
"ਠੇਕੇ ਵਾਲੇ ਰਾਹ"

ਮੇਰੇ ਪਿੰਡ ਰੱਬ ਨਹੀਂ ਵਸਦਾ
ਮੇਰੇ ਪਿੰਡ ਵਸਦਾ ੲੇ
"ਮੱਕੀ ਖਾਣਿਆਂ ਦਾ ਪਾਲਾ"
ਸੋਲਾਂ ਜਮਾਤਾਂ ਪੜ੍ਹਕੇ ਵੀ ਜਿਸਨੂੰ
ਮਿਲੀ ਨੀ ਸੋਲਾਂ ਰੁਪਏ
ਦੀ ਵੀ ਨੌਕਰੀ
ਤੇ ਉਸ ਦੀ ਬੁੱਢੀ ਮਾਂ
ਪਾਗਲ ਹੋਈ ਗਲੀਆਂ ਵਿੱਚ
"ਨੌਕਰੀ ਲੈ ਲਓ, ਨੌਕਰੀ ਲੈ ਲਓ
ਦੇ ਹੋਕੇ ਦਿੰਦੀ ਫਿਰਦੀ ਐ ..."
ਮੇਰੇ ਪਿੰਡ ਰੱਬ ਨਹੀਂ  ਵਸਦਾ
ਮੇਰੇ ਪਿੰਡ ਵਸਦੀ ਐ
"ਬੇਬੇ ਬਚਨੀਂ" ਤੇ ਉਸ ਦਾ ਪਤੀ "ਕਰਤਾਰਾ"
ਜਿੰਨਾਂ ਪੁੱਤ ਪੜ੍ਹਾਏ ਸੀ
ਜਾਨ ਤੋੜ ਮਿਹਨਤਾਂ ਕਰਕੇ
ਅੱਜ ਉਹਨਾਂ  ਪੁੱਤਾਂ ਨੇ ਹੀ
ਉਹਨਾਂ ਦੇ ਮੰਜੇ ਸੁੱਟ ਦਿੱਤੇ ਨੇ
ਤੂੜੀ ਵਾਲੇ ਘਰੇ
ਜਿੱਥੇ ਬੈਠੇ ੳੁੁਹ
ਸਾਹਮਣੇ ਬਣੀਆਂ ਆਪਣੇ
"ਅਫਸਰ ਪੁੱਤਾਂ" ਦੀਆਂ ਕੋਠੀਆਂ ਵੱਲ
ਪਾਗਲਾਂ ਵਾਂਗ ਟਿਕਟਿਕੀ ਲਗਾਕੇ ਤੱਕਦੇ ਰਹਿੰਦੇ ਨੇ...
ਮੇਰੇ ਪਿੰਡ ਰੱਬ ਨਹੀਂ  ਵਸਦਾ
ਮੇਰੇ ਪਿੰਡ ਵਸਦੀਆਂ ਨੇ
ਸੀਤੋ, ਨੋਖੀ, ਗੇਜੋ , ਨੰਜੋ ਤੇ ਲਾਭੋ
ਵਰਗੀਆਂ "ਭੋਲੀਆਂ ਰੂਹਾਂ"
ਜੋ ਥੱਪ ਕੇ ਮੋਟੀਆਂ-ਮੋਟੀਆਂ ਰੋਟੀਆਂ
ਦਾਤੀਆਂ ਪੱਲੀਆਂ ਲੈ ਕੇ
ਚੱਲ ਪੈਂਦੀਆਂ ਨੇ ਟਿੱਬਿਆਂ ਵੱਲ ਨੂੰ
ਤੇ ਜਦੋਂ ਸਿਖਰ ਦੁੁਪਿਹਰੇ
ਮੁੜਦੀਆਂ ਨੇ ਵਾਪਿਸ
ਤਾਂ ਉਹਨਾਂ ਦੀਆਂ
ਪੰਡਾਂ ਵਿੱਚ ਹੁੰਦੇ ਨੇ
ਚਿੱਬੜ, ਕੱਚੇ ਪੱਕੇ ਬੇਰ,
ਕੌੜ ਤੁੰਮੇ, ਰੇਹ ਦੇ ਥੈਲਆਂ ਦੇ ਧਾਗੇ
ਤੇ ਟੁੱਟੇ ਪਾਇਪਾਂ ਦੇ ਟੁਕੜੇ..
ਸੱਚ ਆਖਦਾ ਹਾਂ ਦੋਸਤੋ
ਮੇਰੇ ਪਿੰਡ ਰੱਬ ਨਹੀਂ  ਵਸਦਾ
ਜੇਕਰ ਤੁਹਾਨੂੰ ਕਿਤੇ
ਰੱਬ ਮਿਲੇ
ਉਸਨੂੰ ਮੇਰੇ ਪਿੰਡ
ਜਰੂਰ ਭੇਜਣਾਂ....
~ ਅਗਿਆਤ ~

ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )

No comments:

Post a Comment

Thanks for Comment us