Thursday 11 May 2017

ਕੱਲ੍ਹ ਏਥੇ ਫੁੱਲ ਸਨ

    ਡਾ. ਸੁਖਦੇਵ ਸਿੰਘ ਸਿਰਸਾ ਜੀ ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀਂਆਂ ਤੇ ਹੋਏ ਜਬਰ ਦੇ ਖ਼ਿਲਾਫ਼ ਇਹ ਕਵਿਤਾ ਲਿਖੀ ਹੈ। ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਹੀ ਪ੍ਰੋਫ਼ੈਸਰ ਅਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਹਨ।
        ਉਹਨਾਂ ਦੀ ਇਹ ਕਵਿਤਾ ਪੰਜਾਬ ਯੂਨੀਵਰਸਿਟੀ ਸਮੇਤ ਪੂਰੇ ਮੁਲ਼ਕ ਦੇ ਵਿਦਿਅਕ ਅਦਾਰਿਆਂ ਦੇ ਅਤੀਤ, ਵਰਤਮਾਨ ਅਤੇ ਭਵਿੱਖ ਉਪਰ ਗਹਿਨ-ਗੰਭੀਰ ਨਜ਼ਰਸਾਨੀ ਕਰਦੀ ਹੈ। ਇਹ ਕਵਿਤਾ ਸਾਨੂੰ ਸਭਨਾਂ ਨੂੰ ਝੰਝੋੜਦੀ ਹੋਈ ਜਾਗਣ, ਸੋਚਣ ਅਤੇ ਆਪਣੀ ਬਣਦੀ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰਦੀ ਹੈ। ਦਿਲ਼ੀ-ਤੌਖ਼ਲਿਆਂ, ਖ਼ਦਸ਼ਿਆਂ, ਵਲਵਲ਼ਿਆਂ ਅਤੇ ਅਕੀਦਿਆਂ ਨੂੰ ਇਸ ਕਵਿਤਾ ਰਾਹੀਂ ਸਪੱਸ਼ਟ ਅਭੀਵਿਅਕਤੀ ਹਾਸਿਲ ਹੋਈ ਹੈ।

ਕੱਲ੍ਹ ਏਥੇ ਫੁੱਲ ਸਨ

( ਡਾ. ਸੁਖਦੇਵ ਸਿੰਘ ਸਿਰਸਾ )


ਕੱਲ੍ਹ ਇਥੇ ਫੁੱਲ ਸਨ
ਰੰਗ ਸੁਰੰਗੇ ਮਹਿਕਾਂ ਵੰਡਦੇ
ਘੂਕਰ ਪਾਉਂਦੇ ਮਸਤ ਭੌਰੇ
ਅਠਖੇਲੀਆਂ ਕਰਦੀਆਂ ਤਿਤਲੀਆਂ।
ਪੋਲੇ ਪੋਲੇ ਪੱਬ ਧਰਦੇ
ਸਰਗੋਸ਼ੀਆਂ ਕਰਦੇ
ਹੱਥ ਛੂਹੰਦੇ, ਘੁੱਟਦੇ, ਫੜ੍ਹਦੇ
ਸੁਪਨੇ ਬੁਣਦੇ
ਅੱਖਾਂ 'ਚ ਅਨੰਤ ਸੁਪਨੇ ਬੀਜਦੇ
ਮੀਂਹ 'ਚ ਭਿੱਜਦੇ
ਫੁੱਲ, ਭੌਰੇ, ਤਿਤਲੀਆਂ ਦੇ ਟੋਲੇ।
ਅੱਜ ਇਥੇ ਜਲ-ਤੋਪਾਂ
ਟੀਅਰ ਗੈਸ, ਬੈਂਤਾਂ ਦੀ ਫ਼ਸਲ
ਬੂਟਾਂ ਦੀ ਦਗੜ ਦਗੜ
ਖਿੱਲਰੇ ਪੱਥਰ, ਇੱਟਾਂ ਰੋੜੇ
ਲਹੂ ਦੇ ਤੁਪਕੇ।
ਅੱਜ ਇਥੇ ਫੁੱਲ, ਤਿਤਲੀਆਂ ਨਹੀਂ
ਹਿਣ-ਹਿਣਾਉਂਦੇ ਘੋੜੇ
ਦੁਰਗੰਧ ਫੈਲਾਉਂਦੀ ਲਿੱਦ ਹੈ।
ਬਾ-ਹੁਕਮ! ਸਜਾਵਟੀ ਪੱਥਰ
ਹਟਾਏ ਜਾ ਰਹੇ ਹਨ
ਹਾਕਮਾਂ ਨੂੰ ਪੱਥਰਾਂ ਦਾ ਫ਼ਿਕਰ ਹੈ
ਪੱਥਰ ਜੋ ਦੇਸ਼-ਧਰੋਹੀ
ਹੋ ਗਏ ਸਨ ਕੱਲ੍ਹ।
ਮਨ 'ਚ ਉੱਗ ਰਹੇ
ਫ਼ੈਲ ਰਹੇ ਫ਼ਲ ਰਹੇ
ਪੱਥਰਾਂ ਦਾ ਫ਼ਿਕਰ ਕਰੋ
ਸਾਨੂੰ ਘੋੜੇ ਨਹੀਂ
ਫੁੱਲ ਚਾਹੀਦੇ ਹਨ।
ਸਹਿਮੀਆਂ ਨਜ਼ਰਾਂ
ਖਾਮੋਸ਼ ਬੁੱਲ੍ਹਾਂ ਦੀ ਮੁਹਾਰਨੀ ਪੜ੍ਹੀਏ
ਅਸੀਂ ਫੁੱਲਾਂ ਵੱਟੇ
ਲਿੱਦ ਨਹੀਂ ਵਟਾਉਣੀ
ਕੱਲ੍ਹ ਇਥੇ ਫੁੱਲ ਸਨ
ਕੱਲ੍ਹ ਵੀ ਇਥੇ ਫੁੱਲ ਹੋਣਗੇ।
ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )

No comments:

Post a Comment

Thanks for Comment us