Saturday 6 May 2017

ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ


ਦਾਦੇ, ਨਾਨਕੇ, ਪਤੀਅਸ , ਪਤਿਓਅਰੇ ਦੱਸਿਓ
ਕੁੜਮ, ਸ਼ਰੀਕੇ, ਪੇਕੇ , ਸਹੁਰੇ ਦੱਸਿਓ
ਦੰਦਾਸਾ, ਨੱਥ, ਸੁਰਮਾ ਤੇ ਮੱਥੇ ਲੱਟ ਦੱਸਿਓ
ਭਾਠ, ਡੰਗੋਤਰੇ, ਮਰਾਸੀ ਜਾਤ ਨੱਟ ਦੱਸਿਓ
ਛੰਭ, ਟੋਭਾ, ਖੂਹ ਤੇ ਸਾਂਭ ਕੇ ਤਲਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ.
ਪੀਲੂ, ਵਾਰਸ, ਹਾਸ਼ਮ ਤੇ ਕਾਦਰਯਾਰ ਦੱਸਿਓ
ਲਾਲ, ਤੇਜਾ, ਗੰਗੂ, ਕਿਰਪਾਲ ਿਜਹੇ ਗੱਦਾਰ ਦੱਸਿਓ
ਪਟਨਾ, ਚਮਕੌਰ, ਸਰਹੰਦ, ਮਾਛੀਵਾੜਾ ਦੱਸਿਓ
ਛਿੰਝ, ਕੁਸ਼ਤੀ, ਬਾਜ਼ੀ ਤੇ ਅਖਾੜਾ ਦੱਸਿਓ
ਸਭਰਾਓ, ਮੁੱਦਕੀ,ਚੇਤੇ ਖਿਦਰਾਣਾ ਢਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭ ਕੇ ਪੰਜਾਬ ਰੱਖਿਓ
ਹਸਾਉਣੀ, ਕਹਾਣੀ, ਸਾਖੀ ਜਾਂ ਬਾਤ ਦੱਸਿਓ
ਤ੍ਰਿਕਾਲਾਂ, ਲੌਹਢਾ, ਮੂੰਹ ਨੇਹਰਾ, ਪ੍ਰਭਾਤ ਦੱਸਿਓ
ਕਹੀ, ਰੰਬੀ, ਤੰਗਲੀ, ਜਿੰਦਰਾ, ਸਲੰਘ ਦੱਸਿਓ
ਪੀੜ੍ਹੀ , ਮੰਜਾ, ਮੂਹੜਾ ਤੇ ਪਲੰਘ ਦੱਸਿਓ
ਸਾਂਭ ਚੂਰੀ, ਤੀਰ ,ਘੜਾ ,ਪੱਟ ਦਾ ਕਬਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ...........
ਠੱਕਾ, ਪੱਛੋ ਤੇ ਪੁਰੇ ਦੀ ਪੌਣ ਦੱਸਿਓ
ਦੁੱਲਾ, ਜੱਗਾ, ਜਿਓਣਾ ਸਨ ਕੌਣ ਦੱਸਿਓ
ਗਲੋਟਾ, ਛਿੱਕੂ, ਪੂਣੀ, ਖੱਡੀ ਤਾਣੀ ਦੱਸਿਓ
ਜਪੁ, ਰਹਿਰਾਸ, ਸੋਹਿਲਾ ਅਨੰਦ ਬਾਣੀ ਦੱਸਿਓ
ਲੇਹਾ, ਭੱਖੜਾ, ਸੂਲਾਂ ਸਾਂਭਕੇ ਗੁਲਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭ .........
ਰੁੱਗ, ਥੱਬੀ, ਸੱਥਰੀ ਤੇ ਪੰਡ ਦੱਸਿਓ
ਨਖੱਤਾ, ਛੜਾ, ਦੁਹਾਜੂ ਨਾਲੇ ਰੰਡ ਦੱਸਿਓ
ਟੱਪੇ, ਸਿੱਠਣੀ , ਘੋੜੀਆਂ, ਸੁਹਾਗ ਦੱਸਿਓ
ਦੁਪੱਟਾ, ਚੁੰਨੀ, ਫੁਲਕਾਰੀਆਂ ਤੇ ਬਾਗ ਦੱਸਿਓ
ਢੱਡ,ਇਕਤਾਰਾ ਤੇ ਸਾਂਭਕੇ ਰਬਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭ ਕੇ ਪੰਜਾਬ ਰੱਖਿਓ
ਪੀਚੋ, ਪਿੱਲ ਚੋਟ, ਸ਼ੱਕਰਭੁੱਜੀ ਖੇਡ ਦੱਸਿਓ
ਧੌਲ, ਜੱਫਾ, ਕੈਂਚੀ ਪੈਂਦੀ ਰੇਡ ਦੱਸਿਓ
ਗੱਫਾ, ਬੁੱਕ, ਮੁੱਠ ਨਾਲੇ ਓਕ ਦੱਸਿਓ
ਪੱਠ, ਲੇਲਾ, ਬਲੂੰਗੜਾ ਤੇ ਬੋਕ ਦੱਸਿਓ

ਵਿੱਘੇ, ਮਰੱਬੇ, ਕਿੱਲੇ ਦਾ ਿਹਸਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ
ਕਿਲਕਾਰੀ, ਚੀਕ, ਦਹਾੜ ਤੇ ਬੜ੍ਹਕ ਦੱਸਿਓ
ਚੋਜ, ਅਣਖ, ਨਖਰਾ ਤੇ ਮੜ੍ਹਕ ਦੱਸਿਓ
ਪੀਹਲਾਂ, ਤੂਤ , ਨਮੋਲੀਆਂ ,ਬੇਰ ਦੱਸਿਓ
ਪਸੇਰੀ , ਅੱਧ ਪਾ, ਪਾਈਆ ਨਾਲੇ ਸੇਰ ਦੱਸਿਓ
ਲਗਾਮ, ਕਾਠੀ ਪੈਰਾਂ 'ਚ ਰਕਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ..........
ਲੱਠਾ, ਛੱਬੀ, ਖੱਦਰ ਤੇ ਮਲਮਲ ਦੱਸਿਓ
ਪਰ , ਪਰਸੋਂ ,ਭਲਕ ਤੇ ਕੱਲ੍ਹ ਦੱਸਿਓ
ਪੰਜਾ, ਜੈਤੋ, ਨਨਕਾਣਾ, ਨੀਲਾ ਤਾਰਾ ਦੱਸਿਓ
ਤਵੀ, ਚਰਖੜੀ, ਦੇਗ ਦਾ ਨਜ਼ਾਰਾ ਦੱਸਿਓ
ਚੇਤੇ ਫੂਲਾ, ਨਲੂਆ, ਕਪੂਰ ਨਵਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ........
ਜੰਡ, ਵਣ, ਸ਼ਰੀਹ ਤੇ ਸਾਗਵਾਨ ਦੱਸਿਓ
ਲੋਕ ਤੱਥ, ਮੁਹਾਵਰੇ , ਅਖੌਤਾਂ ਅਖਾਣ ਦੱਸਿਓ
ਸਾਹਲ, ਗੁਨੀਆਂ, ਰੰਦਾ, ਕਰੰਡੀ, ਤੇਸੀ ਦੱਸਿਓ
ਭੂਰਾ, ਕੰਬਲ , ਲੋਈ ਨਾਲੇ ਖੇਸੀ ਦੱਸਿਓ
ਮਿੱਠੇ ਬੋਲ ਵੀਰ, ਭਾਜੀ ਤੇ ਜਨਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ........
ਪੂਰਨ, ਘਨ੍ਹਈਆ, ਜੈਤਾ, ਬੁੱਧੂ ਸ਼ਾਹ ਦੱਸਿਓ
ਬੀਹੀ, ਗਲੀ, ਡੰਡੀ , ਕੱਚਾ ਰਾਹ ਦੱਸਿਓ
ਪੋਠੋਹਾਰ, ਮਾਝਾ, ਮਾਲਵਾ , ਦੁਆਬਾ ਦੱਸਿਓ
ਸੁਨਾਮ, ਖੜਕੜ ਕਲਾਂ ਤੇ ਸਰਾਭਾ ਦੱਸਿਓ
"ਪੇਂਡੂਆ" ਡੇਰੇ, ਸਾਧ, ਬਾਬੇ ਬੇਨਕਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ..

( ਜਿਸ ਵੀਰ ਘੁੱਦਾ ਸਿੰਘ ਨੇ ਇਹ ਬੇਸ਼ਕੀਮਤੀ ਲਿਖਤ ਲਿਖੀ ਹੈ,ਮੈਂ ਉਸਨੂੰ ਦਿਲੋਂ ਸਲਾਮ ਕਰਦਾ ਹਾਂ..ਬੇਹੱਦ ਧੰਨਵਾਦ......)

No comments:

Post a Comment

Thanks for Comment us