Thursday 1 June 2017

ਪਿੰਡ ਵਾਲਾ ਛੋਟਾ ਸਕੂਲ

      
             ਪਿੰਡਾਂ ਆਲੇ ਪਹਿਲੀ ਗੱਲ਼ ਪਰੈਮਰੀ ਸਕੂਲ ਨੂੰ ਛੋਟਾ ਸਕੂਲ ਈ ਕਹਿੰਦੇ ਹੁੰਦੇ ਨੇ । ਛੋਟੇ ਸਕੂਲ ਦੇ ਨਜ਼ਾਰੇ ਬੰਦਾ ਸਾਰੀ ਉਮਰ ਨੀਂ ਭੁੱਲਦਾ । ਦਾਖਲਾ ਵੀ ਪੰਜ ਛੇ ਸਾਲ ਦੀ ਉਮਰ ਚ ਸਿੱਧਾ ਈ ਪੈਹਲੀ ਚ ਹੁੰਦਾ ਸੀ।ਕੱਚੀ ਪਹਿਲੀ ਚ ਜਬਾਕ ਕੈਅਦਾ ਪੜਦੇ ਸੀ ਤੇ ਪੱਕੀ ਪਹਿਲੀ ਚ ਕਤਾਬ।ਜਬਾਕ ਇੱਕ ਦੂਜੇ ਨੂੰ ਈ ਪੁੱਛੀ ਜਾਂਦੇ ਹੁੰਦੇ ਨੇ ਬੀ ਤੂੰ ਕੈਅਦੇ ਤੇ ਆਂ ਜਾਂ ਕਿਤਾਬ ਤੇ ਆਂ.ਮਤਬਲ ਬੀ ਤੂੰ ਕੱਚੀ ਪਹਿਲੀ ਚ ਆਂ ਜਾਂ ਪੱਕੀ ਪਹਿਲੀ ਚ।ਅਗਲਾ ਬੀ ਹੁੱਬਕੇ ਦੱਸਦਾ ਬੀ ਮੈਂ ਤਾਂ ਕਿਤਾਬ ਤੇ ਬੱਜਿਆ...ਵੀ ਕੈਅਦਾ ਤਾਂ ਸਾਰਾ ਪੜਤਾ ਹੁਣ ਕਹਾਣੀਆਂ ਆਲੀ ਕਿਤਾਬ ਪੜੂੰ..ਜੀਹਤੇ ਕਾਂ ਤੇ ਚਿੜੀ ਆਲੀ ਕਹਾਣੀ ਸਬਤੋਂ ਪਹਿਲਾਂ ਔਂਦੀ ਸੀ।ਵਰਦੀ ਵੀ ਕੇਹੜੀ ਹੁੰਦੀ ਸੀ।ਡੌੰਕਲ ਜੀ ਨਿੱਕਰ ਨਾਲ ਲੀਲ਼ਾ ਜਾ ਝੱਗਾ ਪਾਇਆ ਹੁੰਦਾ ਸੀ..ਜਿਸਦੇ ਬਟਨ ਵੀ ਅੱਗੜ ਪਿੱਛੜ ਲੱਗੇ ਹੁੰਦੇ ਸੀ ਤੇ ਪੈਰਾਂ ਚ 'ਰੋਲੈਕਸ' ਆਲੀਆਂ ਚੱਪਲਾਂ ।
            ਜਦੋਂ ਪਿਸ਼ਾਬ ਕਰਨ ਜਾਣਾ ਹੁੰਦਾ ਸੀ ਤਾਂ ਦੋਮੇਂ ਹੱਥ ਟੇਡੇ ਜੇ ਜੋੜਕੇ ਮਾਸਟਰਾਂ ਕੋਲੇ ਬੱਜਣਾ ਤੇ ਓਥੇ ਖੜੇ ਕਰੀ ਜਾਣਾ ਵੀ ..ਦੋ ਲੰਬਰ ਜਾ ਆਈਏ ਜੀ..ਦੋ ਲੰਬਰ ਜਾ ਆਈਏ ਜੀ ।
             ਜਦੋੰ ਪਾਠ ਸਣੌਣਾ ਤਾਂ ਮੇਜ਼ ਤੇ ਕਿਤਾਬ ਰੱਖਕੇ ਨੀਮੀਂ ਪਾ ਲੈਣੀ ਤੇ ਅੱਖਰਾਂ ਦੇ ਉੱਤੇ ਨਾਲ ਨਾਲ ਉਂਗਲ ਘਸਾਈ ਜਾਣੀ, ਸਭਤੋਂ ਵੱਡਾ ਐਡਵੈਂਚਰ ਤਾਂ ਓਦੋਂ ਹੁੰਦਾ ਸੀ ਜਦੋਂ ਮਾਸਟਰ ਜੀ ਕਿਸੇ ਜਬਾਕ ਨੂੰ ਘੰਟੀ ਵਜਾਉਣ ਲਈ ਕਹਿ ਦਿੰਦੇ ਸੀ...ਕੀ ਲੜਾਈ ਹੁੰਦੀ ਸੀ ਘੰਟੀ ਵਜਾਉਣ ਵਾਸਤੇ।ਜਾਂ ਜਦੋਂ ਮਾਸਟਰ ਜੀ ਔਂਦੇ ਤਾਂ ਸਕੂਲ ਦੇ ਗੇਟ ਚੋਂ ਉਹਨਾਂ ਦਾ ਸ਼ੈਕਲ ਫੜਕੇ ਲਿਔਂਦੇ ।
           ਪਰੈਮਰੀ ਸਕੂਲ ਦੀਆਂ ਖੇਡਾਂ ਵੀ ਕਮਾਲ ਹੁੰਦੀਆਂ ਸੀ।ਸਲੇਟ ਤੇ ਬੱਤੀ ਲੈਕੇ ਚੌਕੜੀਂ ਮਾਰਕੇ ਬਹਿ ਜਾਂਦੇ।ਸਲੇਟ ਦੀ ਬੀਂਡਲ ਜੀ ਤੇ ਬੱਤੀ ਰੱਖਕੇ ਉਂਗਲ ਨਾਲ ਠੱਕ ਠੱਕ ਕਰੀਂ ਜਾਂਦੇ ਬੀ ਡਲੈਵਰੀ ਕਰਦੇ ਆਂ।ਸਲੇਟ ਦੇ ਮੋੜ ਤੇ ਬੱਤੀ ਦੀ ਕਟਾਈ ਐਂ ਕਰਦੇ ਸੀ ਜਿਮੇਂ ਭੈਣਨਾਂ ਠਾਰਾਂ ਟੈਰਾ ਮੋੜਦੇ ਹੁੰਦੇ ਨੇ।ਜਾਂ ਸਲੇਟ ਉੱਤੇ ਬੱਤੀ ਨਾਲ ਊਈਂ ਘੋਰ-ਕੰਡੇ ਜੇ ਮਾਰਕੇ ਕਹੀ ਜਾਣਾ ਬੀ...ਫੋਟੋ ਦੇਖ ਲੋ ਬੱਤੀ ਦੇਦੋ।ਕੁੜੀਆਂ ਮੁੰਡੇ ਕੱਠੇ ਈ ਦਾਈਆਂ ਦੂਕੜੇ,ਖੋ ਖੋ,ਗੀਟੇ ਖੇਡਦੇ ਰਹਿੰਦੇ ਸੀ।ਬੈਗ ਕੇਹੜੇ ਹੁੰਦੇ ਸੀ ਓਦੋਂ...ਜਾਂ ਤਾਂ ਯੂਰੀਏ ਆਲੇ ਗੱਟੇ ਦਾ ਵੱਡਕੇ ਬਣਾਇਆ ਹੁੰਦਾ ਸੀ ਜਾਂ ਬੇਬੇ ਦੀ ਕੋਈ ਪੁਰਾਣੀ ਦਰੀ ਨੂੰ ਵੱਡਕੇ।ਝੋਲੇ ਚ ਕਿਤਾਬਾਂ ਦੀ ਚਿਣਤੀ ਲਾਈ ਹੁੰਦੀ ਸੀ ਤੇ ਫੌਜੀ ਆਲੀ ਜਮੈਟਰੀ ਟੇਢੀ ਜੀ ਕਰਕੇ ਫਸਾਈ ਹੁੰਦੀ ਸੀ ਸੈਡ ਤੇ।ਫੱਟੀਆਂ ਲਿਖਣ ਵੇਲੇ ਕੱਠੇ ਬਹਿ ਜਾਣਾ।ਮਾਸਟਰਾਂ ਤੋਂ ਫੱਟੀਆਂ ਤੇ ਸਲਾਹ ਲੈਣੀ।
                       ਇੱਕ ਦਾ ਢਾਲਾ ਲੈਕੇ ਦਕਾਨ ਤੇ ਜਾਂਦੇ। ਇੱਕ ਰੁਪਈਏ ਚ ਹੀ ਦਬਾਤ,ਸਿਆਹੀ ਆਲਿਆਂ ਪੁੜੀਆਂ ਆ ਜਾਂਦੀਆਂ।ਫੇਰ ਦਬਾਤ ਚ ਦੋ ਪੁੜੀਆਂ ਖੋਲਕੇ ਦਬਾਤ ਨੂੰ ਅੱਖਾਂ ਮੀਚਕੇ ਧਰਤੀ ਤੇ ਘਕਾਈ ਜਾਣਾ ਵੀ ਸਿਆਹੀ ਜਾਦਾ ਪੱਕੂਗੀ।ਫੱਟੀਆਂ ਲਿਖਣ ਵੇਲੇ ਇੱਕ ਦੂਜੇ ਦੀ ਦਬਾਤ ਚੋਂ ਡੁੰਮਕਾ ਲਾ ਲੈਣਾ।ਜੇ ਕਿਸੇ ਦੀ ਆਪਸ ਲੜਾਈ ਹੋ ਜਾਂਦੀ ਤਾਂ ਫੱਟੀਆਂ ਤਲਵਾਰਾਂ ਮਾਂਗੂੰ ਐਂ ਚੱਲਦੀਆਂ ਸੀ ਜਿਮੇਂ 300 ਫਿਲਮ ਚ ਸਪਾਰਟਨ ਲੜਦੇ ਨੇ।ਜਿੱਦੇਂ ਕਿਤੇ ਨਮੀਂ ਸਲੇਟ ਜਾਂ ਨਮੀਂ ਫੱਟੀ ਲਿਔਣੀਂ ਤਾਂ ਐਨਾ ਚਾਅ ਚੜਦਾ ਸੀ ਬੀ ਓਨਾ ਚਾਅ ਹੁਣ ਨਮੇੰ ਆਈਫੋਨ ਦਾ ਨੀਂ ਹੁੰਦਾ।
                      ਜਨਤਾ ਆਥਣ ਨੂੰ ਅੱਧਾ ਅੱਧਾ ਕਿਲੋ ਤਾਂ ਬੱਤੀਆਂ ਤੇ ਗਾਚਣੀ ਖਾ ਜਾਂਦੀ ਸੀ ਨਾਲ ਦਿਆਂ ਦੇ ਝੋਲਿਆਂ ਚੋਂ ਕੱਢਕੇ।
ਸਾਰੇ ਪਿੰਡ ਦੇ ਜਬਾਕ ਓਦੋਂ ਇੱਕੋ ਸਕੂਲ ਚ ਪੜਦੇ ਹੁੰਦੇ ਸੀ ਤੇ ਸਾਰੇ ਇੱਕ ਦੂਜੇ ਨੂੰ ਚੰਗੀ ਤਰਾਂ ਜਾਣਦੇ ਹੁੰਦੇ ਸੀ ਬੀ ਕੌਣ ਕੇਹੜੇ ਘਰਾਂ ਚੋ ਆ..। ਆਵਦੇ ਆਵਦੇ ਪਿੰਡਾਂ ਚ ਨਿਗਾ ਮਾਰਕੇ ਦੇਖਿਉ ਵੀ ਜਾਦਾਤਰ ਪਿੰਡ ਚ ਓਹੀ ਸਰਕਾਰੀ ਮੁਲਾਜ਼ਿਮ ਨੇ ਜੇਹੜੇ ਪਿੰਡ ਆਲੇ ਸਰਕਾਰੀ ਸਕੂਲਾਂ ਚ ਪੜੇ ਨੇ।

ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )
ਵੇਖਦੇ ਰਹੋ ----